Prime Echo News

Punjab Bandh : ਪੰਜਾਬ ਬੰਦ ਦੇ ਸੱਦੇ 'ਤੇ ਬਾਜ਼ਾਰਾਂ 'ਚ ਛਾਇਆ ਸੁੰਨਾਪਨ, ਜਾਣੋ ਹਸਪਤਾਲ ਤੇ ਐਂਬੂਲੈਂਸ ਸੇਵਾਵਾਂ ਦਾ ਕੀ ਹੈ ਹਾਲ!

30 Jul 2026 | 03:58 PM By Prime Echo News
Punjab Bandh : ਪੰਜਾਬ ਬੰਦ ਦੇ ਸੱਦੇ 'ਤੇ ਬਾਜ਼ਾਰਾਂ 'ਚ ਛਾਇਆ ਸੁੰਨਾਪਨ, ਜਾਣੋ ਹਸਪਤਾਲ ਤੇ ਐਂਬੂਲੈਂਸ ਸੇਵਾਵਾਂ ਦਾ ਕੀ ਹੈ ਹਾਲ!
Prime Echo News:-
ਬਰਨਾਲਾ/ਚੰਡੀਗੜ੍ਹ :- ਬਰਨਾਲਾ ਵਿਖੇ ਪ੍ਰਦਰਸ਼ਨਕਾਰੀ ਸਫ਼ਾਈ ਕਰਮਚਾਰੀਆਂ 'ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਸੂਬੇ ਭਰ ਵਿੱਚ ਸਫ਼ਾਈ ਸੇਵਕਾਂ ਦਾ ਗੁੱਸਾ ਪ੍ਰਚੰਡ ਹੋ ਗਿਆ ਹੈ। ਸਫ਼ਾਈ ਕਰਮਚਾਰੀ ਯੂਨੀਅਨਾਂ ਵੱਲੋਂ ਵੀਰਵਾਰ ਨੂੰ ਦਿੱਤੇ ਗਏ 'ਪੰਜਾਬ ਬੰਦ' ਦੇ ਸੱਦੇ ਦਾ ਪੰਜਾਬ ਦੇ ਕਈ ਮੁੱਖ ਸ਼ਹਿਰਾਂ ਵਿੱਚ ਤਿੱਖਾ ਅਸਰ ਦੇਖਣ ਨੂੰ ਮਿਲਿਆ। ਗੁੱਸੇ 'ਚ ਆਏ ਸਫ਼ਾਈ ਕਰਮਚਾਰੀਆਂ ਨੇ ਵੱਖ-ਵੱਖ ਜ਼ਿਲ੍ਹਿਆਂ 'ਚ ਜ਼ੋਰਦਾਰ ਰੋਸ ਮਾਰਚ ਕੱਢ ਕੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਬਾਜ਼ਾਰ ਬੰਦ, ਪਰ ਐਮਰਜੈਂਸੀ ਸੇਵਾਵਾਂ ਨੂੰ ਮਿਲੀ ਛੋਟ
ਬੰਦ ਦੇ ਸੱਦੇ ਦੌਰਾਨ ਘਟਨਾ ਦਾ ਮੁੱਖ ਕੇਂਦਰ ਰਹੇ ਜ਼ਿਲ੍ਹਾ ਬਰਨਾਲਾ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਦੁਕਾਨਾਂ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ।

ਬਾਜ਼ਾਰਾਂ 'ਚ ਸੁੰਨ :- ਕਈ ਥਾਵਾਂ 'ਤੇ ਵਪਾਰੀਆਂ ਨੇ ਸਫ਼ਾਈ ਕਾਮਿਆਂ ਦੇ ਸਮਰਥਨ ਵਿੱਚ ਖੁਦ ਹੀ ਆਪਣੀਆਂ ਦੁਕਾਨਾਂ ਬੰਦ ਰੱਖੀਆਂ।

ਇਨ੍ਹਾਂ ਸੇਵਾਵਾਂ 'ਤੇ ਨਹੀਂ ਪਿਆ ਅਸਰ :- ਆਮ ਜਨਤਾ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹਸਪਤਾਲ, ਐਂਬੂਲੈਂਸ, ਡਾਕਟਰੀ ਸੇਵਾਵਾਂ, ਸਕੂਲ ਅਤੇ ਕਾਲਜਾਂ ਵਰਗੀਆਂ ਜ਼ਰੂਰੀ ਤੇ ਐਮਰਜੈਂਸੀ ਸੇਵਾਵਾਂ ਨੂੰ ਬੰਦ ਤੋਂ ਮੁਕਤ ਰੱਖਿਆ ਗਿਆ ਸੀ, ਜੋ ਆਮ ਵਾਂਗ ਚੱਲਦੀਆਂ ਰਹੀਆਂ।

ਕੀ ਹਨ ਸਫ਼ਾਈ ਕਰਮਚਾਰੀਆਂ ਦੀਆਂ ਮੁੱਖ ਮੰਗਾਂ?
ਸਫ਼ਾਈ ਸੇਵਕ ਯੂਨੀਅਨਾਂ ਅਨੁਸਾਰ ਇਹ ਸੰਘਰਸ਼ ਸਿਰਫ਼ ਲਾਠੀਚਾਰਜ ਦੇ ਵਿਰੋਧ ਤੱਕ ਸੀਮਤ ਨਹੀਂ ਹੈ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਹਨ:

ਬਰਨਾਲਾ ਲਾਠੀਚਾਰਜ ਦੇ ਦੋਸ਼ੀਆਂ 'ਤੇ ਕਾਰਵਾਈ :- 22 ਜੁਲਾਈ ਨੂੰ ਬਰਨਾਲਾ ਵਿਖੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕੀਤਾ ਜਾਵੇ।

1.ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ :- 3 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕੱਚੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਜਮੈਨਾਂ ਨੂੰ ਬਿਨਾਂ ਸ਼ਰਤ ਰੈਗੂਲਰ (ਪੱਕਾ) ਕੀਤਾ ਜਾਵੇ।

2.ਤਨਖ਼ਾਹਾਂ 'ਚ ਵਾਧਾ :- ਤਨਖ਼ਾਹਾਂ ਵਿੱਚ ਵਾਧਾ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।

ਸਰਕਾਰ ਦੀ ਪੇਸ਼ਕਸ਼ ਰੱਦ, ਸਿਆਸਤ ਵੀ ਗਰਮਾਈ
ਹਾਲਾਂਕਿ ਪੰਜਾਬ ਸਰਕਾਰ ਵੱਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਹੀਨਾਵਾਰ ਤਨਖ਼ਾਹ ਵਧਾ ਕੇ 20,500 ₹ਕਰਨ ਅਤੇ 5 ਸਾਲ ਪੂਰੇ ਕਰ ਚੁੱਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਨੀਤੀ ਦਾ ਐਲਾਨ ਕੀਤਾ ਸੀ। ਪਰ ਯੂਨੀਅਨਾਂ ਨੇ ਸਰਕਾਰ ਦੀ ਇਸ ਪੇਸ਼ਕਸ਼ ਨੂੰ ਨਾਕਾਫ਼ੀ ਦੱਸਦਿਆਂ ਠੁਕਰਾ ਦਿੱਤਾ ਹੈ।

ਇਸ ਮੁੱਦੇ 'ਤੇ ਵਿਰੋਧੀ ਧਿਰਾਂ (ਕਾਂਗਰਸ, ਅਕਾਲੀ ਦਲ, ਭਾਜਪਾ, ਬਸਪਾ) ਸਮੇਤ ਕਿਸਾਨ ਯੂਨੀਅਨਾਂ (ਬੀ.ਕੇ.ਯੂ. ਉਗਰਾਹਾਂ) ਨੇ ਵੀ ਸਫ਼ਾਈ ਕਾਮਿਆਂ ਦਾ ਪੂਰਨ ਸਮਰਥਨ ਕੀਤਾ ਹੈ।

ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਬਾਰਿਸ਼ਾਂ ਦੇ ਇਸ ਮੌਸਮ ਵਿੱਚ ਗੰਭੀਰ ਸਿਹਤ ਸੰਕਟ ਪੈਦਾ ਹੋਣ ਦਾ ਖ਼ਤਰਾ ਬਣ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਸਲੇ ਦਾ ਕੀ ਸਥਾਈ ਹੱਲ ਕੱਢਦੀ ਹੈ।

Comments

Leave a Comment