Prime Echo News

ਪੰਜਾਬ 'ਚ ਅਨਾਜ ਭੰਡਾਰਨ ਦਾ ਵੱਡਾ ਸੰਕਟ, ਸੀਐੱਮ ਭਗਵੰਤ ਮਾਨ ਨੇ ਕੇਂਦਰ ਤੋਂ 21 ਲੱਖ ਟਨ ਚੌਲ ਤੇ ਕਣਕ ਤੁਰੰਤ ਚੁੱਕਣ ਦੀ ਕੀਤੀ ਮੰਗ, ਨਵੀਂ ਝੋਨੇ ਦੀ ਖ਼ਰੀਦ ਪ੍ਰਭਾਵਿਤ ਹੋਣ ਦਾ ਖ਼ਦਸ਼ਾ!

⚡ ਮੁੱਖ ਨੁਕਤੇ (ਸੰਖੇਪ ਸਾਰ):

ਕੇਂਦਰੀ ਖ਼ੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਲਿਖਿਆ ਪੱਤਰ: 10 ਅਕਤੂਬਰ ਤੱਕ 6 ਲੱਖ ਟਨ ਚੌਲ ਅਤੇ ਅਕਤੂਬਰ 'ਚ 15 ਲੱਖ ਟਨ ਕਣਕ ਬਾਹਰ ਭੇਜਣ ਦੀ ਅਪੀਲ, ਮੰਡੀਆਂ ਤੇ ਰਾਈਸ ਮਿੱਲਾਂ 'ਚ ਥਾਂ ਦੀ ਘਾਟ

03 Oct 2026 | 07:59 AM By Prime Echo News
ਪੰਜਾਬ 'ਚ ਅਨਾਜ ਭੰਡਾਰਨ ਦਾ ਵੱਡਾ ਸੰਕਟ, ਸੀਐੱਮ ਭਗਵੰਤ ਮਾਨ ਨੇ ਕੇਂਦਰ ਤੋਂ 21 ਲੱਖ ਟਨ ਚੌਲ ਤੇ ਕਣਕ ਤੁਰੰਤ ਚੁੱਕਣ ਦੀ ਕੀਤੀ ਮੰਗ, ਨਵੀਂ ਝੋਨੇ ਦੀ ਖ਼ਰੀਦ ਪ੍ਰਭਾਵਿਤ ਹੋਣ ਦਾ ਖ਼ਦਸ਼ਾ!
Prime Echo News:-

ਪੰਜਾਬ/ਚੰਡੀਗੜ੍ਹ: ਪੰਜਾਬ ਵਿੱਚ ਸਾਉਣੀ ਮੰਡੀਕਰਨ ਸੀਜ਼ਨ ਮਾਰਕੀਟਿੰਗ ਸੀਜ਼ਨ (KMS 2026-27) ਤਹਿਤ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੁੰਦਿਆਂ ਹੀ ਅਨਾਜ ਭੰਡਾਰਨ ਲਈ ਜਗ੍ਹਾ ਯਾਨੀ ਸਟੋਰੇਜ ਸਪੇਸ ਦੀ ਭਾਰੀ ਕਮੀ ਇੱਕ ਵੱਡੀ ਚਿੰਤਾ ਬਣ ਕੇ ਸਾਹਮਣੇ ਆਈ ਹੈ। ਸੂਬੇ ਦੇ ਗੋਦਾਮਾਂ, ਰਾਈਸ ਮਿੱਲਾਂ ਅਤੇ ਮੰਡੀਆਂ ਵਿੱਚ ਪੁਰਾਣੇ ਅਨਾਜ ਦੇ ਵੱਡੇ ਅੰਬਾਰ ਲੱਗੇ ਹੋਣ ਕਾਰਨ ਨਵੀਂ ਫ਼ਸਲ ਨੂੰ ਸੰਭਾਲਣ ਵਿੱਚ ਵੱਡੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਖ਼ੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਇੱਕ ਜ਼ਰੂਰੀ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਵਿੱਚ ਪਏ ਪੁਰਾਣੇ ਅਨਾਜ ਦੇ ਸਟਾਕ ਨੂੰ ਤੁਰੰਤ ਦੂਜੇ ਰਾਜਾਂ ਵਿੱਚ ਭੇਜਣ ਦੀ ਜ਼ੋਰਦਾਰ ਮੰਗ ਕੀਤੀ ਹੈ।

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ 10 ਅਕਤੂਬਰ ਤੱਕ  ਘੱਟੋ-ਘੱਟ 6 ਲੱਖ ਮੈਟ੍ਰਿਕ ਟਨ (LMT) ਚੌਲ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪੰਜਾਬ ਤੋਂ ਬਾਹਰ ਭੇਜਿਆ ਜਾਵੇ। ਇਸ ਤੋਂ ਇਲਾਵਾ ਸਮੁੱਚੇ ਅਕਤੂਬਰ ਮਹੀਨੇ ਦੌਰਾਨ 15 ਲੱਖ ਮੈਟ੍ਰਿਕ ਟਨ ਕਣਕ ਦੀ ਨਿਕਾਸੀ ਯਕੀਨੀ ਬਣਾਈ ਜਾਵੇ। ਇਸ ਤਰ੍ਹਾਂ ਪੰਜਾਬ ਸਰਕਾਰ ਨੇ ਕੁੱਲ 21 ਲੱਖ ਮੈਟ੍ਰਿਕ ਟਨ ਅਨਾਜ ਨੂੰ ਤੁਰੰਤ ਹਟਾਉਣ ਦੀ ਮੰਗ ਰੱਖੀ ਹੈ ਤਾਂ ਜੋ ਗੋਦਾਮਾਂ ਅਤੇ ਮਿੱਲਾਂ ਵਿੱਚ ਨਵੀਂ ਆ ਰਹੀ ਝੋਨੇ ਦੀ ਫ਼ਸਲ ਲਈ ਜਗ੍ਹਾ ਬਣਾਈ ਜਾ ਸਕੇ।

ਪੰਜਾਬ ਦੇ ਗੋਦਾਮਾਂ ਅਤੇ ਮਿੱਲਾਂ ਵਿੱਚ ਕਿੰਨਾ ਅਨਾਜ ਫਸਿਆ ਹੋਇਆ ਹੈ:

ਮੁੱਖ ਮੰਤਰੀ ਵੱਲੋਂ ਭੇਜੇ ਗਏ ਪੱਤਰ ਅਨੁਸਾਰ ਇਸ ਵੇਲੇ ਲਗਭਗ 40 ਲੱਖ ਮੈਟ੍ਰਿਕ ਟਨ ਕਣਕ ਰਾਈਸ ਮਿੱਲਾਂ ਅਤੇ ਮੰਡੀ ਯਾਰਡਾਂ ਦੀ ਸਟੋਰੇਜ ਸਪੇਸ ਨੂੰ ਘੇਰੀ ਬੈਠੀ ਹੈ। ਇਸ ਵਿੱਚੋਂ ਕਰੀਬ 17 ਲੱਖ ਮੈਟ੍ਰਿਕ ਟਨ ਕਣਕ 29 ਸਤੰਬਰ ਤੱਕ ਓਥੇ ਹੀ ਪਈ ਹੋਈ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਯਾਨੀ KMS 2025-26 ਦੀ ਕਸਟਮ ਮਿਲਡ ਰਾਈਸ (CMR) ਦੀ ਡਿਲੀਵਰੀ ਵੀ ਪੂਰੀ ਤਰ੍ਹਾਂ ਕਲੀਅਰ ਨਹੀਂ ਹੋ ਸਕੀ ਹੈ। ਅੰਕੜਿਆਂ ਮੁਤਾਬਕ 29 ਸਤੰਬਰ ਤੱਕ ਕੁੱਲ 105.64 ਲੱਖ ਮੈਟ੍ਰਿਕ ਟਨ ਚੌਲ ਵਿੱਚੋਂ 99.50 ਲੱਖ ਮੈਟ੍ਰਿਕ ਟਨ (ਲਗਭਗ 94 ਫੀਸਦੀ) ਭਾਰਤੀ ਖ਼ੁਰਾਕ ਨਿਗਮ ਯਾਨੀ ਐੱਫ.ਸੀ.ਆਈ. ਨੂੰ ਡਿਲੀਵਰ ਹੋ ਚੁੱਕਾ ਸੀ, ਜਦਕਿ ਲਗਭਗ 6 ਲੱਖ ਮੈਟ੍ਰਿਕ ਟਨ ਚੌਲ ਅਜੇ ਵੀ ਮਿੱਲਾਂ ਵਿੱਚ ਪਿਆ ਹੈ।

ਨਵੀਂ ਝੋਨੇ ਦੀ ਖ਼ਰੀਦ ਅਤੇ ਕਿਸਾਨਾਂ 'ਤੇ ਪੈਣ ਵਾਲਾ ਅਸਰ:

ਪੰਜਾਬ ਵਿੱਚ ਨਵੇਂ ਸੀਜ਼ਨ ਦੀ ਝੋਨਾ ਖ਼ਰੀਦ 1 ਅਕਤੂਬਰ ਤੋਂ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਚੁੱਕੀ ਹੈ ਅਤੇ ਮੰਡੀਆਂ ਵਿੱਚ ਫ਼ਸਲ ਦੀ ਆਮਦ ਤੇਜ਼ ਹੋਣ ਯਾਨੀ ਪੀਕ ਅਰਾਈਵਲ 10 ਅਕਤੂਬਰ ਦੇ ਆਸ-ਪਾਸ ਸ਼ੁਰੂ ਹੋਣ ਦੀ ਉਮੀਦ ਹੈ। ਮੁੱਖ ਮੰਤਰੀ ਮਾਨ ਨੇ ਚਿੰਤਾ ਪ੍ਰਗਟਾਈ ਹੈ ਕਿ ਜੇਕਰ ਪੁਰਾਣੇ ਚੌਲ ਅਤੇ ਕਣਕ ਦੇ ਸਟਾਕ ਨੂੰ ਤੁਰੰਤ ਬਾਹਰ ਨਾ ਭੇਜਿਆ ਗਿਆ ਤਾਂ ਰਾਈਸ ਮਿੱਲਾਂ ਅਤੇ ਮੰਡੀ ਫੜ੍ਹਾਂ ਵਿੱਚ ਨਵੀਂ ਜਿਣਸ ਰੱਖਣ ਦੀ ਸਮਰੱਥਾ ਖ਼ਤਮ ਹੋ ਜਾਵੇਗੀ। ਇਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫ਼ਸਲ ਲਿਆਉਣ ਸਮੇਂ ਰੁਲਣਾ ਪੈ ਸਕਦਾ ਹੈ ਅਤੇ ਸ਼ੈਲਰ ਮਾਲਕਾਂ ਦੀ ਮਿਲਿੰਗ ਪ੍ਰਕਿਰਿਆ ਬੁਰੀ ਤਰ੍ਹਾਂ ਠੱਪ ਹੋ ਸਕਦੀ ਹੈ।

ਸਤੰਬਰ ਮਹੀਨੇ ਦੌਰਾਨ ਅਨਾਜ ਦੀ ਢੋਆ-ਢੁਆਈ ਦੀ ਮੱਠੀ ਰਫ਼ਤਾਰ:

ਪੰਜਾਬ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸਤੰਬਰ ਮਹੀਨੇ ਦੌਰਾਨ ਕੇਂਦਰ ਵੱਲੋਂ ਅਨਾਜ ਚੁੱਕਣ ਦੀ ਰਫ਼ਤਾਰ ਬੇਹੱਦ ਸੁਸਤ ਰਹੀ ਹੈ। 1 ਤੋਂ 29 ਸਤੰਬਰ ਦਰਮਿਆਨ ਪੰਜਾਬ ਵਿੱਚੋਂ ਸਿਰਫ਼ 8.30 ਲੱਖ ਮੈਟ੍ਰਿਕ ਟਨ ਚੌਲ ਅਤੇ 4.30 ਲੱਖ ਮੈਟ੍ਰਿਕ ਟਨ ਕਣਕ ਹੀ ਬਾਹਰ ਭੇਜੀ ਜਾ ਸਕੀ। ਜਦਕਿ ਪੰਜਾਬ ਸਰਕਾਰ ਨੇ ਸਤੰਬਰ ਮਹੀਨੇ ਲਈ 15 ਲੱਖ ਮੈਟ੍ਰਿਕ ਟਨ ਚੌਲ ਅਤੇ 10 ਤੋਂ 12 ਲੱਖ ਮੈਟ੍ਰਿਕ ਟਨ ਕਣਕ ਬਾਹਰ ਭੇਜਣ ਦੀ ਮੰਗ ਰੱਖੀ ਸੀ।

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਅਤੇ ਆੜ੍ਹਤੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਰੇਲਵੇ ਰੈਕਾਂ ਦੀ ਗਿਣਤੀ ਵਧਾਈ ਜਾਵੇ ਤਾਂ ਜੋ ਪੰਜਾਬ ਦੇ ਗੋਦਾਮ ਖ਼ਾਲੀ ਕਰਕੇ ਖ਼ਰੀਦ ਪ੍ਰਕਿਰਿਆ ਨੂੰ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

Comments

Leave a Comment